ਓ.ਬੀ.ਸੀ ਸਮਾਜ ਨੂੰ ਗੁੰਮਰਾਹ ਕਰਨ ਲਈ ਪਾਰਟੀਆਂ ਦਾ ਲੁਕਵਾਂ ਏਜੰਡਾ-ਲਖਬੀਰ ਸਿੰਘ ਰਾਠ
2022 ਦੀ ਚੋਣਾਂ ਨੂੰ ਲੈ ਕੇ ਗੁਪਤ ਮੀਟਿੰਗਾਂ ਸ਼ੁਰੂ -ਲਖਬੀਰ ਸਿੰਘ ਰਾਠ
ਦਸੂਹਾ ਜੂਨ (ਨਵਦੀਪ ਗੌਤਮ ) ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਰਾਜਨੀਤੀ ਗਰਮਾਉਣੀ ਸ਼ੁਰੂ ਹੋ ਗਈ ਹੈ।ਵੱਖ ਵੱਖ ਪਾਰਟੀਆਂ ਆਪਣੇ ਓ.ਬੀ.ਸੀ. ਦੇ ਵਰਕਰਾਂ ਨੂੰ ਓ.ਬੀ.ਸੀ. ਵਰਗ ਦੀਆਂ ਵੋਟਾਂ ਬਟੋਰਨ ਲਈ ਅੱਗੇ ਕਰਨਗੀਆਂ ਜੋ ਸਮਾਜ ਵਿੱਚ ਅਾ ਕਹਿਣਗੇ ਕਿ ਓ.ਬੀ.ਸੀ. ਨਾਲ ਧੱਕਾ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲਖਬੀਰ ਸਿੰਘ ਰਾਠ ਪ੍ਰਧਾਨ ਓ.ਬੀ.ਸੀ. ਸਮਾਜ ਨੇ ਦੱਸਿਆ ਕਿ ਇਹ ਓ.ਬੀ.ਸੀ. ਸਮਾਜ ਦੇ ਨਾਲ ਵੱਖ ਵੱਖ ਰਾਜਨੀਤਕ ਪਾਰਟੀਆਂ ਦੀ ਬਹੁਤ ਵੱਡੀ ਸਾਜ਼ਿਸ਼ ਹੈ । ਉਨ੍ਹਾਂ ਕਿਹਾ ਕਿ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਜੋ ਓ.ਬੀ.ਸੀ. ਦੇ ਹਿਤੈਸ਼ੀ ਹੋਣ ਦਾ ਬਿਆਨ ਦਿੰਦੇ ਹਨ ਉਹ ਪਹਿਲਾਂ ਆਪਣੇ ਬੀਤੇ ਸਮਿਆਂ ਵਿੱਚ ਕੀਤੀ ਕਾਰਗੁਜ਼ਾਰੀ ਤੇ ਝਾਤ ਮਾਰਨ। ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ਵਿੱਚ ਉਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਉਹ ਵਰਕਰ ਹਨ, ਅਖਬਾਰਾਂ ਵਿਚ ਬਿਆਨਬਾਜ਼ੀ ਕਰਨ ਵਾਲੇ ਓ.ਬੀ.ਸੀ ਦੇ ਝੂਠੇ ਹਿਤੈਸ਼ੀ ਲੋਕ ਓ.ਬੀ.ਸੀ. ਸਮਾਜ ਲਈ ਕੁਝ ਨਹੀਂ ਕਰ ਸਕੇ ਤਾਂ ਭਵਿੱਖ ਵਿੱਚ ਵੀ ਨਹੀਂ ਕਰ ਸਕਣਗੇ। ਉਨ੍ਹਾਂ ਓ.ਬੀ.ਸੀ. ਸਮਾਜ ਨੂੰ ਵੀ ਅਗਾਊਂ ਜਾਗਰੂਕ ਕਰਦਿਆਂ ਕਿਹਾ ਕਿ ਅਜਿਹੇ ਮੌਕਾ ਪ੍ਰਸਤ ਲੀਡਰਾਂ ਤੋਂ ਦੂਰੀ ਬਣਾ ਕੇ ਰੱਖੋ ਜੋ ਸਿਰਫ਼ ਬਰਸਾਤੀ ਡੱਡੂਆਂ ਵਾਂਗ ਸਿਰਫ਼ ਚੋਣਾਂ ਦੇ ਸਮੇਂ ਓ.ਬੀ.ਸੀ. ਦੇ ਹੱਕ ਅਧਿਕਾਰਾਂ ਦੀ ਗੱਲਾਂ ਕਰਦੇ ਹਨ ਤੇ ਬਾਅਦ ਵਿਚ ਪਾਰਟੀ ਵਿਚ ਸੁੱਸਰੀ ਵਾਂਗ ਸੁੱਤੇ ਰਹਿੰਦੇ ਹੋਏ ਆਪਣੇ ਨਿੱਜੀ ਰਸੂਖ ਦੇ ਕੰਮਾਂ ਲਈ ਪਾਰਟੀ ਨੂੰ ਵਰਤਦੇ ਹਨ ਅਤੇ ਸਮਾਜ ਦਾ ਨੁਕਸਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਵੇ ਓ.ਬੀ.ਸੀ ਵਰਗ ਕਿਸੇ ਹੋਰ ਵਰਗ ਦੀਆਂ ਮੰਗਾਂ ਦਾ ਵਿਰੋਧ ਨਹੀ ਕਰਦਾ ਪਰ ਜੇਕਰ ਵੱਖ ਵੱਖ ਪਾਰਟੀਆਂ ਓ.ਬੀ.ਸੀ. ਵਰਗ ਦੀ ਗੱਲ ਨਹੀਂ ਕਰਦੀਆਂ ਸਿਰਫ਼ ਕਿਸਾਨ ਮੁੱਦਾ, ਦਲਿਤ ਮੁੱਦਾ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ ਤਾਂ ਇਸ ਦਾ ਮਤਲਬ ਉਹ ਪਾਰਟੀਆਂ ਓ.ਬੀ.ਸੀ. ਵਰਗ ਤੇ ਰਾਜਨੀਤਿਕ ਅੱਤਿਆਚਾਰ ਕਰ ਰਹੀਆਂ ਹਨ। ਓ.ਬੀ.ਸੀ. ਸਮਾਜ ਇਸ ਨੂੰ ਹੁਣ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਓ.ਬੀ.ਸੀ. ਸਮਾਜ ਵੱਲੋਂ ਗੁਪਤ ਮੀਟਿੰਗਾਂ ਦਾ ਦੌਰ ਜਾਰੀ ਹੈ।ਓ.ਬੀ.ਸੀ ਸਮਾਜ ਦੀ ਲਾਮਬੰਦੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਵੀ ਆਸ ਹੈ।
Comments
Post a Comment